ਪੰਜਾਬੀ ਭਾਸ਼ਾ ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਇਸ ਤੋਂ ਬਿਨਾਂ ਸ਼ਬਦ “ਪੰਜਾਬੀ” ਨੂੰ ਪੰਜਾਬ ਨਾਲ਼ ਸਬੰਧਿਤ ਕਿਸੇ ਵੀ ਚੀਜ਼ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲ਼ਿਆਂ ਨੂੰ ‘ਪੰਜਾਬੀ’ ਹੀ ਕਿਹਾ ਜਾਂਦਾ ਹੈ। “ਐਥਨੋਲੋਗ” 2005 (ਬੋਲੀਆਂ ਨਾਲ਼ ਸਬੰਧਿਤ ਇੱਕ ਵਿਸ਼ਵਗਿਆਨਕੋਸ਼) ਮੁਤਾਬਕ ਪੰਜਾਬੀ ਨੂੰ 30 ਕਰੋੜ ਲੋਕ ਬੋਲਦੇ ਹਨ, ਜਿਸ ਨਾਲ ਪੰਜਾਬੀ ਸਮੁੱਚੀ ਦੁਨੀਆ ਵਿੱਚ ਮਾਂ ਬੋਲੀ ਵਜੋਂ ਸਭ ਤੋਂ ਵੱਧ ਬੋਲੀ ਜਾਣ ਵਾਲੀ ‘ਦੂਜੀ ਬੋਲੀ’ ਹੈ। 2022 ਵਿੱਚ ਪਾਕਿਸਤਾਨ ਦੀ ਮਰਦਮਸ਼ੁਮਾਰੀ ਮੁਤਾਬਕ ਪਾਕਿਸਤਾਨ ਵਿੱਚ 13 ਕਰੋੜ ਲੋਕ ਪੰਜਾਬੀ ਬੋਲਦੇ ਹਨ ਅਤੇ 2021 ਵਿੱਚ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਭਾਰਤ ਵਿੱਚ 4 ਕਰੋੜ ਤੋਂ ਵੱਧ ਲੋਕ ਪੰਜਾਬੀ ਬੋਲਦੇ ਹਨ।[19] ਇਸ ਦੀਆਂ ਦੋ ਮੁੱਖ ਉਪ-ਬੋਲੀਆਂ ਹਨ- ਪੂਰਬੀ ਪੰਜਾਬੀ ਅਤੇ ਲਹਿੰਦੀ ਪੰਜਾਬੀ। ਲਹਿੰਦੀ ਪੰਜਾਬੀ, ਪੂਰਬੀ ਪੰਜਾਬੀ ਅਤੇ ਪੱਛਮੀ ਪਹਾੜੀ ਬੋਲੀਆਂ ਨੂੰ ਮਿਲਾ ਕੇ ਪੰਜਾਬੀ ਆਪਣੇ ਸੁਰ-ਵਿਗਿਆਨ ਕਰ ਕੇ ਅਜੋਕੀ ਹਿੰਦ-ਯੂਰਪੀ ਬੋਲੀਆਂ ਦੇ ਪਰਿਵਾਰ ਵਿੱਚੋਂ ਸਭ ਤੋਂ ਵੱਖਰੀ ਬੋਲੀ ਜਾਪਦੀ ਹੈ। ਪੰਜਾਬੀ ਦੀਆਂ ਕਈ ਉਪ-ਬੋਲੀਆਂ ਹਨ, ਜਿਵੇਂ ਕਿ ਮਾਝੀ, ਮਾਲਵੀ, ਦੁਆਬੀ, ਪੁਆਧੀ, ਪੋਠੋਹਾਰੀ ਆਦਿ ਪਰ ਮਾਝੀ ਨੂੰ ਟਕਸਾਲੀ ਬੋਲੀ ਵਜੋਂ ਵਰਤਿਆ ਜਾਂਦਾ ਹੈ। ਇਹ ਉਪ-ਬੋਲੀ ਪੁਰਾਣੇ ਪੰਜਾਬ ਦੇ ਮਾਝਾ ਖ਼ਿੱਤੇ ਵਿੱਚ ਬੋਲੀ ਜਾਂਦੀ ਹੈ ਜਿਸ ਦਾ ਕੇਂਦਰ ਅਜੋਕੇ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਹੈ। ਇਸ ਉਪ-ਬੋਲੀ ਦੀ ਵਰਤੋਂ ਪੰਜਾਬੀ ਦੀਆਂ ਕਿਤਾਬਾਂ ਲਿਖਣ ਵਿੱਚ ਹੁੰਦੀ ਹੈ। ਪੰਜਾਬੀ ਦੀਆਂ ਸਾਰੀਆਂ ਬੋਲੀਆਂ ਦੀ ਆਪਣੀ ਇੱਕ ਮਹੱਤਤਾ ਹੈ, ਅਤੇ ਸਾਰੀਆਂ ਆਪਣੇ-ਆਪਣੇ ਖੇਤਰ ਅਤੇ ਉਥੋਂ ਦੇ ਲੋਕਾਂ ਦੀ ਪਹਿਚਾਣ ਹਨ। ਇਹ ਬੋਲੀਆਂ ਪੰਜਾਬੀ ਦੀ ਵੰਨ-ਸੁਵੰਨਤਾ ਨੂੰ ਵਧਾਉਂਦੀਆਂ ਹਨ ਅਤੇ ਪੰਜਾਬ ਦੇ ਵਿਰਸੇ ਨੂੰ ਅਮੀਰ ਬਣਾਉਂਦੀਆਂ ਹਨ। ਇਹ ਭਾਰਤੀ ਚੜ੍ਹਦਾ ਪੰਜਾਬ ਸੂਬੇ ਦੀ ਸਰਕਾਰੀ ਬੋਲੀ ਹੈ ਪਰ ਪਾਕਿਸਤਾਨੀ ਪੰਜਾਬ ਸੂਬੇ ਵਿੱਚ ਇਸ ਨੂੰ ਕੋਈ ਸਰਕਾਰੀ ਹੈਸੀਅਤ ਪ੍ਰਾਪਤ ਨਹੀਂ ਅਤੇ ਨੇੜਲੇ ਸੂਬਿਆਂ ਜਿਵੇਂ ਕਿ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਆਦਿ ਵਿੱਚ ਵੀ ਬੋਲੀ ਜਾਂਦੀ ਹੈ। ਪੰਜਾਬੀ ਨੂੰ ਹਰਿਆਣਾ ਅਤੇ ਦਿੱਲੀ ਵਿੱਚ ਦੂਜੀ ਅਤੇ ਤੀਜੀ ਭਾਸ਼ਾ ਦਾ ਦਰਜਾ ਹਾਸਿਲ ਹੈ।
ਇਤਿਹਾਸ
ਪੰਜਾਬੀ ਹੋਰਨਾਂ ਦੱਖਣੀ ਏਸ਼ੀਆਈ ਬੋਲੀਆਂ ਦੀ ਤਰ੍ਹਾਂ ਹੀ ਇੱਕ ਹਿੰਦ-ਆਰੀਆ ਬੋਲੀ ਹੈ।ਪੰਜਾਬੀ ਸੈਂਕੜੇ ਵਰ੍ਹੇ ਸੱਤਾ ਅਤੇ ਦਰਬਾਰਾਂ ਦੀ ਸਰਪ੍ਰਸਤੀ ਤੋਂ ਬਿਨਾਂ ਵਧੀ-ਫੁੱਲੀ ਤੇ ਪ੍ਰਫੁੱਲਿਤ ਹੋਈ ਲੋਕਾਂ ਦੀ ਜ਼ਬਾਨ ਹੈ। ਪੰਜਾਬੀ ਨੂੰ ਉਹਨਾਂ ਸਾਰੇ ਮੁਲਕਾਂ ਵਿੱਚ ਵੀ ਘੱਟ-ਗਿਣਤੀ ਭਾਸ਼ਾ ਦੇ ਤੌਰ ਉੱਤੇ ਬੋਲਿਆ ਜਾਂਦਾ ਹੈ, ਜਿੱਥੇ ਵੀ ਪੰਜਾਬੀ ਗਏ ਹਨ, ਜਿਵੇਂ ਕਿ ਇੰਗਲੈਂਡ, ਅਮਰੀਕਾ, ਆਸਟਰੇਲੀਆ ਅਤੇ ਖ਼ਾਸ ਕਰ ਕੇ ਕੈਨੇਡਾ, ਜਿੱਥੇ ਕਿ ਪੰਜਾਬੀ ਕੈਨੇਡਾ ਦੀ 2011 ਦੀ ਮਰਦਮਸ਼ੁਮਾਰੀ ਦੇ ਮੁਤਾਬਕ ਤੀਜੀ ਆਮ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਦੀ ਇੱਕ ਲਿਪੀ ਗੁਰਮੁਖੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਗਈ ਹੈ। ਇਹ ਭੰਗੜਾ ਸੰਗੀਤ ਦੀ ਬੋਲੀ ਹੈ, ਜਿਸ ਨੇ ਦੱਖਣੀ ਏਸ਼ੀਆ ਅਤੇ ਸੰਸਾਰ ਭਰ ਵਿੱਚ ਚੰਗਾ ਨਾਮਣਾ ਖੱਟਿਆ ਹੈ।
ਪੰਜਾਬੀ ਸੱਭਿਆਚਾਰ ਭਾਰਤ ਅਤੇ ਪਾਕਿਸਤਾਨ ਵਿੱਚ ਹੋਈ 1947 ਈਸਵੀ ਦੀ ਵੰਡ ਕਰ ਕੇ ਪ੍ਰਭਾਵਿਤ ਹੋਇਆ। ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਵੰਡੇ ਹੋਏ ਦੇਸ਼ਾਂ ਅਤੇ ਧਾਰਮਿਕ ਸਬੰਧਾਂ ਨੂੰ ਆਪਸ ਵਿੱਚ ਜੋੜਦਾ ਹੈ।
ਨਵੀਂ ਪੰਜਾਬੀ ਸ਼ਬਦਾਵਲੀ ਹੋਰ ਭਾਸ਼ਾਵਾਂ, ਜਿਵੇਂ ਹਿੰਦੀ, ਫ਼ਾਰਸੀ ਅਤੇ ਅੰਗਰੇਜ਼ੀ ਤੋਂ ਪ੍ਰਭਾਵਿਤ ਹੈ, ਹੋਰ ਉੱਤਰੀ ਭਾਰਤੀ ਭਾਸ਼ਾਵਾਂ ਵਾਂਗ ਇਸ ਦਾ ਵੀ ਵਿਕਾਸ ਵੈਦਿਕ ਸੰਸਕ੍ਰਿਤ ਤੋਂ ਹੋਇਆ ਹੈ। ਪੰਜਾਬੀ ਦੇ ਕਈ ਰੂਪ ਹਨ, ਜਿਵੇਂ ਕਿ ਪੱਛਮੀ ਪੰਜਾਬ ਵਿੱਚ ਲਹਿੰਦਾ ਅਤੇ ਪੂਰਬੀ ਪੰਜਾਬ ਵਿੱਚ ਸਰਾਇਕੀ, ਹਿੰਦਕੋ, ਮਾਝੀ, ਪੋਠੋਹਾਰੀ, ਪਰ ਇਹ ਪੰਜਾਬੀ ਦੇ ਸਾਹਮਣੇ ਨਿਗੂਣੇ ਜਿਹੇ ਹੀ ਹਨ।
ਜੁਲਾਈ, 1951 ਵਿੱਚ ਭਾਰਤ ਵਿੱਚ ਮਰਦਮਸ਼ੁਮਾਰੀ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਚਲ ਰਿਹਾ ਸੀ। ਇਸ ਸਮੇਂ ਪੰਜਾਬ ਦਾ ਮਹਾਸ਼ਾ ਪਰੈੱਸ ਪੰਜਾਬੀ ਹਿੰਦੂ ਦੀ ਮਾਂ ਬੋਲੀ ਬਦਲਣ ਲਈ ਸਾਰਾ ਟਿੱਲ ਲਾ ਰਿਹਾ ਸੀ। ਹਿੰਦੂ-ਸਿੱਖਾਂ ਵਿੱਚ ਪਈ ਵੰਡ ਦੀ ਲਕੀਰ ਨੂੰ ਕਾਲ਼ੇ ਰੰਗ ਨਾਲ ਭਰਨ ਲਈ ਮਹਾਸ਼ਾ ਪ੍ਰੈੱਸ ਨੇ ਪੂਰੀ ਕੋਸ਼ਿਸ਼ ਕੀਤੀ ਅਤੇ ਕਾਮਯਾਬੀ ਵੀ ਹਾਸਲ ਕੀਤੀ। ਹਰ ਸਿੱਖ ਨੇ ਪੰਜਾਬੀ ਨੂੰ ਅਤੇ ਹਰ ਹਿੰਦੂ ਨੇ ਹਿੰਦੀ ਨੂੰ ਆਪਣੀ ਬੋਲੀ ਲਿਖਾਇਆ।
ਪੰਜਾਬ ਰਾਜ ਭਾਸ਼ਾ ਐਕਟ
ਪੰਜਾਬ ਦਾ ਪਹਿਲਾ ‘ਪੰਜਾਬ ਰਾਜ ਭਾਸ਼ਾ ਐਕਟ’ 1960 ਵਿੱਚ ਬਣਿਆ। ਇਸ ਐਕਟ ਦੀ ਧਾਰਾ 3 ਰਾਹੀਂ ਪੰਜਾਬੀ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੋਣ ਵਾਲੇ ‘ਸਾਰੇ ਦਫ਼ਤਰੀ ਕੰਮਕਾਜ’ 02 ਅਕਤੂਬਰ 1960 ਤੋਂ ਪੰਜਾਬੀ ਵਿੱਚ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ। ਇਸ ਵਿਵਸਥਾ ਦੀ ਖ਼ੂਬਸੂਰਤੀ ਇਹ ਸੀ ਕਿ ਜੇ ਕਿਸੇ ਕਾਰਨ ਕੋਈ ਕੰਮ ਉਸ ਸਮੇਂ ਪੰਜਾਬੀ ਵਿੱਚ ਕਰਨਾ ਸੰਭਵ ਨਹੀਂ ਸੀ ਤਾਂ ਉਸ ਕੰਮ ਨੂੰ ਹੋਰ ਭਾਸ਼ਾ ਵਿੱਚ ਕਰਨ ਦੀ ਵਿਵਸਥਾ ਬਾਅਦ ਵਿੱਚ ਕੀਤੀ ਜਾਣੀ ਸੀ। ਮਤਲਬ ਇਹ ਕਿ 2 ਅਕਤੂਬਰ 1960 ਤੋਂ ਜ਼ਿਲ੍ਹਾ ਪੱਧਰ ਦੇ ਸਾਰੇ ਦਫ਼ਤਰਾਂ ਵਿੱਚ ਸਾਰਾ ਕੰਮਕਾਜ ਪੰਜਾਬੀ ਵਿੱਚ ਹੋਣਾ ਸ਼ੁਰੂ ਹੋਇਆ। ਬਾਅਦ ਵਿੱਚ ਕਿਸੇ ਕੰਮ ਨੂੰ ਪੰਜਾਬੀ ’ਚ ਕਰਨ ਤੋਂ ਛੋਟ ਦੇਣ ਵਾਲਾ ਕੋਈ ਦਸਤਾਵੇਜ਼ ਉਪਲੱਬਧ ਨਹੀਂ ਹੈ। ਇਸੇ ਧਾਰਾ ਰਾਹੀਂ ਇਹ ਵਿਵਸਥਾ ਵੀ ਕੀਤੀ ਗਈ ਕਿ 2 ਅਕਤੂਬਰ 1962 ਤੋਂ ਜ਼ਿਲ੍ਹਾ ਪੱਧਰੀ ਦਫ਼ਤਰਾਂ ਵੱਲੋਂ ਰਾਜ ਸਰਕਾਰ ਜਾਂ ਮੁੱਖ ਦਫ਼ਤਰਾਂ ਨਾਲ ਕੀਤੇ ਜਾਣ ਵਾਲੇ ਚਿੱਠੀ ਪੱਤਰ ਦੀ ਭਾਸ਼ਾ ਵੀ ਪੰਜਾਬੀ ਹੋਵੇਗੀ।
ਪੰਜਾਬੀ ਸੂਬਾ ਬਣਨ ਮਗਰੋਂ 29 ਦਸੰਬਰ 1967 ਨੂੰ 1960 ਦਾ ਕਾਨੂੰਨ ਰੱਦ ਕਰਕੇ ਨਵਾਂ ਰਾਜ ਭਾਸ਼ਾ ਐਕਟ 1967 ਬਣਾਇਆ ਗਿਆ। ਇਸ ਕਾਨੂੰਨ ਦੀ ਉਦੇਸ਼ਕਾ ਵਿੱਚ ਇਹ ਐਕਟ ਬਣਾਉਣ ਦਾ ਉਦੇਸ਼ ‘ਪੰਜਾਬ ਰਾਜ ਦੇ ਸਾਰੇ ਜਾਂ ਕੁਝ ਦਫ਼ਤਰੀ ਕੰਮਕਾਜ ਨੂੰ ਪੰਜਾਬੀ ਵਿੱਚ ਕੀਤੇ ਜਾਣਾ’ ਨਿਸ਼ਚਿਤ ਕੀਤਾ ਗਿਆ। ਇਸ ਉਦੇਸ਼ਕਾ ਤੋਂ ਹੀ ਪਤਾ ਲੱਗਦਾ ਹੈ ਕਿ 1965 ਦੇ ਐਕਟ ਦੇ ਉਲਟ ਇਸ ਐਕਟ ਰਾਹੀਂ ਦਫ਼ਤਰਾਂ ਵਿੱਚ ਹੁੰਦੇ ਸਾਰੇ ਕੰਮਾਂ ਦੀ ਥਾਂ ਕੁਝ ਕੁ ਕੰਮ ਹੀ ਪੰਜਾਬੀ ਵਿੱਚ ਕੀਤੇ ਜਾਣ ਬਾਰੇ ਸੋਚਿਆ ਗਿਆ। ਨਾਲ ਹੀ ਧਾਰਾ 4 ਰਾਹੀਂ ਇਹ ਨਿਯਮ ਵੀ ਬਣਾਇਆ ਗਿਆ ਕਿ ਕਿਸੇ ਦਫ਼ਤਰੀ ਕੰਮਕਾਜ ਨੂੰ ਪੰਜਾਬੀ ਵਿੱਚ ਕੀਤੇ ਜਾਣਾ ਕਦੋਂ ਜ਼ਰੂਰੀ ਕਰਨਾ ਹੈ, ਇਸ ਦਾ ਐਲਾਨ ਬਾਅਦ ਵਿੱਚ ਵਿਸ਼ੇਸ਼ ਨੋਟੀਫਿਕੇਸ਼ਨ ਰਾਹੀਂ ਹੋਵੇਗਾ। ਭਾਵ ਵੱਖ ਵੱਖ ਕੰਮ ਵੱਖ ਵੱਖ ਸਮੇਂ ਪੰਜਾਬੀ ਵਿੱਚ ਸ਼ੁਰੂ ਕੀਤੇ ਜਾ ਸਕਦੇ ਹਨ।
1967 ਦੇ ਐਕਟ ਦੀ ਧਾਰਾ 4 ਰਾਹੀਂ ਮਿਲੇ ਅਧਿਕਾਰ ਦੀ ਵਰਤੋਂ ਕਰਦਿਆਂ ਪੰਜਾਬ ਸਰਕਾਰ ਵੱਲੋਂ ਦਫ਼ਤਰੀ ਕੰਮਕਾਜ ਨੂੰ ਪੰਜਾਬੀ ਵਿੱਚ ਕਰਨ ਲਈ ਤੁਰੰਤ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ। ਪਹਿਲਾ ਨੋਟੀਫਿਕੇਸ਼ਨ 30 ਦਸੰਬਰ 1967 ਨੂੰ ਜਾਰੀ ਹੋਇਆ। ਇਸ ਰਾਹੀਂ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ ਹੁੰਦੇ ਦਫ਼ਤਰੀ ਕੰਮਕਾਜ ਨੂੰ 1 ਜਨਵਰੀ 1968 ਤੋਂ ਪੰਜਾਬੀ ਭਾਸ਼ਾ ਵਿੱਚ ਕਰਨ ਦਾ ਹੁਕਮ ਹੋਇਆ। ਦੂਜਾ ਨੋਟੀਫਿਕੇਸ਼ਨ 9 ਫਰਵਰੀ 1968 ਨੂੰ ਜਾਰੀ ਹੋਇਆ। ਇਸ ਰਾਹੀਂ ‘ਰਾਜ ਪੱਧਰ’ ਦੇ ਸਾਰੇ ਦਫ਼ਤਰਾਂ ਵਿੱਚ ਹੁੰਦੇ ਕੰਮਕਾਜ ਪੰਜਾਬੀ ਵਿੱਚ ਕਰਨ ਦਾ ਹੁਕਮ ਹੋਇਆ। ਇਹ ਹੁਕਮ 13 ਅਪਰੈਲ 1968 ਤੋਂ ਲਾਗੂ ਹੋਇਆ। ਇਨ੍ਹਾਂ ਨੋਟੀਫਿਕੇਸ਼ਨਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਸਾਰੇ ਦਫ਼ਤਰੀ ਕੰਮ ਪੰਜਾਬੀ ਵਿੱਚ ਕਰਨ ਦੇ ਹੁਕਮ ਹੋਏ।
ਪੰਜਾਬ ਰਾਜ ਭਾਸ਼ਾ (ਸੋਧ) ਐਕਟ, 2008 ਰਾਹੀਂ 1967 ਦੇ ਕਾਨੂੰਨ ਵਿੱਚ ਵੱਡੀਆਂ ਸੋਧਾਂ ਕੀਤੀਆਂ ਗਈਆਂ। ਪ੍ਰਸ਼ਾਸਨਿਕ ਦਫ਼ਤਰਾਂ ਦੇ ਕੰਮਕਾਜ ਪੰਜਾਬੀ ਵਿੱਚ ਕਰਨ ਦੀ ਵਿਵਸਥਾ ਕਰਨ ਲਈ ਮੂਲ ਕਾਨੂੰਨ ਵਿੱਚ ਧਾਰਾ 3-ਏ ਜੋੜੀ ਗਈ। ਇਸ ਨਵੀਂ ਧਾਰਾ ਨੇ ਸਥਿਤੀ ਸਪਸ਼ਟ ਕਰਨ ਦੀ ਥਾਂ ਹੋਰ ਉਲਝਾ ਦਿੱਤੀ। ਨਵੀਂ ਵਿਵਸਥਾ ਦਾ ਉਦੇਸ਼ ਪੰਜਾਬੀ ਦਾ ਘੇਰਾ ਵਿਸ਼ਾਲ ਕਰਨਾ ਹੈ ਜਾਂ ਇਸ ਦੇ ਖੰਭ ਕੁਤਰਣਾ, ਇਹ ਸਮਝ ਤੋਂ ਬਾਹਰ ਹੈ। ਇਸ ਸੋਧ ਕਾਨੂੰਨ ਦੇ ਅੰਗਰੇਜ਼ੀ ਅਤੇ ਪੰਜਾਬੀ, ਦੋਵੇਂ ਪਾਠ ਇੱਕੋ ਸਮੇਂ ਸਰਕਾਰੀ ਗਜ਼ਟ ਵਿੱਚ ਛਪੇ। ਅੰਗਰੇਜ਼ੀ ਪਾਠ ਵਿੱਚ ‘ਸਾਰੇ ਦਫ਼ਤਰੀ ਚਿੱਠੀ ਪੱਤਰ’ ਪੰਜਾਬੀ ਵਿੱਚ ਕੀਤੇ ਜਾਣ ਦਾ ਜ਼ਿਕਰ ਹੈ। ਇਸ ਦੇ ਉਲਟ ਪੰਜਾਬੀ ਪਾਠ ਵਿੱਚ (‘ਦਫ਼ਤਰੀ ਚਿੱਠੀ ਪੱਤਰ’ ਦੀ ਥਾਂ) ‘ਦਫ਼ਤਰਾਂ ਵਿੱਚ ਸਾਰਾ ਕੰਮਕਾਜ ਪੰਜਾਬੀ ਵਿੱਚ ਕੀਤਾ ਜਾਵੇਗਾ’ ਦਰਜ ਹੈ। ਦੋਵਾਂ ਦੇ ਅਰਥਾਂ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਅੰਗਰੇਜ਼ੀ ਪਾਠ ਮੁਤਾਬਿਕ ਸਿਰਫ਼ ‘ਦਫ਼ਤਰੀ ਚਿੱਠੀ ਪੱਤਰ’ ਹੀ ਪੰਜਾਬੀ ਵਿੱਚ ਕਰਨਾ ਜ਼ਰੂਰੀ ਹੈ। ਬਾਕੀ ਕੰਮ ਹੋਰ ਭਾਸ਼ਾ (ਅੰਗਰੇਜ਼ੀ) ਵਿੱਚ ਵੀ ਹੋ ਸਕਦੇ ਹਨ। ਪੰਜਾਬੀ ਪਾਠ ਅਨੁਸਾਰ ਪ੍ਰਸ਼ਾਸਨਿਕ ਦਫ਼ਤਰਾਂ ਵਿੱਚ ਹੁੰਦਾ ਸਾਰਾ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਕਰਨਾ ਜ਼ਰੂਰੀ ਹੈ।
ਸੰਵਿਧਾਨ ਤੋਂ ਲੈ ਕੇ ਹਰ ਤਰ੍ਹਾਂ ਦਾ ਕੇਂਦਰੀ ਕਾਨੂੰਨ ਰਾਜ ਸਰਕਾਰਾਂ ਨੂੰ ਅਦਾਲਤੀ ਕੰਮਕਾਜ, ਖ਼ਾਸਕਰ ਜ਼ਿਲ੍ਹਾ ਪੱਧਰੀ ਅਦਾਲਤਾਂ ਤਕ ਦਾ, ਆਪਣੀ ਰਾਜ ਭਾਸ਼ਾ ਵਿੱਚ ਕਰਨ ਦੀ ਵਿਵਸਥਾ ਕਰਨ ਦਾ ਅਧਿਕਾਰ ਦਿੰਦਾ ਹੈ। ਆਪਣੇ ਇਸ ਅਧਿਕਾਰ ਦੀ ਵਰਤੋਂ ਕਰਕੇ ਪੰਜਾਬ ਸਰਕਾਰ ਨੇ ਸਾਲ 2008 ਵਿੱਚ ਪੰਜਾਬ ਰਾਜ ਭਾਸ਼ਾ ਐਕਟ 1967 ਵਿੱਚ ਸੋਧ ਕੀਤੀ ਅਤੇ ਪੰਜਾਬ ਵਿਚਲੀਆਂ ਜ਼ਿਲ੍ਹਾ ਪੱਧਰੀ ਅਦਾਲਤਾਂ ਦੇ ਕੰਮਕਾਜ ਦੀ ਭਾਸ਼ਾ ਪੰਜਾਬੀ ਕਰ ਦਿੱਤੀ, ਪਰ ਅਦਾਲਤਾਂ ਵਿੱਚ ਕੰਮਕਾਜ ਪੰਜਾਬੀ ਵਿੱਚ ਹੋਣਾ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਅਦਾਲਤੀ ਕੰਮਕਾਜ ਲਈ ਲੋੜੀਂਦੀ ਸਮੱਗਰੀ, ਖ਼ਾਸਕਰ ਕਾਨੂੰਨ, ਪੰਜਾਬੀ ਵਿੱਚ ਉਪਲੱਬਧ ਹੋਣ।
ਪੰਜਾਬੀ ਭਾਸ਼ਾ ਦੀਆਂ ਲਿਪੀਆਂ
ਪੰਜਾਬੀ ਭਾਸ਼ਾ ਨੂੰ ਲਿਖਣ ਲਈ ਦੋ ਲਿਪੀਆਂ ਹਨ, ਜੋ ਕਿ ਖੇਤਰ ਅਤੇ ਇਸ ਦੇ ਉਪਭਾਸ਼ਾ ਦੇ ਨਾਲ ਨਾਲ ਬੋਲਣ ਵਾਲੇ ਦੇ ਖੇਤਰ ਉੱਤੇ ਵੀ ਨਿਰਭਰ ਕਰਦਾ ਹੈ। ਭਾਰਤ ਤੇ ਹੋਰ ਦੇਸ਼ਾਂ ਵਿੱਚ ਭਾਰਤੀ ਮੂਲ ਦੇ ਪੰਜਾਬੀ ਇਸ ਨੂੰ ਗੁਰਮੁਖੀ ਲਿਪੀ ਵਿੱਚ ਲਿਖਦੇ ਹਨ।ਪੰਜਾਬੀ ਭਾਸ਼ਾ ਦੀ ਇਹ ਬਦਕਿਸਮਤੀ ਹੀ ਸਮਝੋ ਕਿ ਇਸ ਨੂੰ ਬੋਲਣ ਅਤੇ ਲਿਖਣ ਵਾਲੇ ਵੰਡੇ ਗਏ।
ਪਾਕਿਸਤਾਨ (ਲਹਿੰਦੇ ਪੰਜਾਬ) ਵਿੱਚ ਸ਼ਾਹਮੁਖੀ ਲਿਪੀ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਗੁਰਮੁਖੀ ਅਤੇ ਸ਼ਾਹਮੁਖੀ ਪੰਜਾਬੀ ਨੂੰ ਲਿਖਣ ਦੇ ਦੋ ਆਮ ਢੰਗ ਹਨ। ਭਾਰਤੀ ਅਤੇ ਪਾਕਿਸਤਾਨੀ ਪੰਜਾਬੀ ਬੋਲਣ ਵਾਲੇ ਪੰਜਾਬੀ ਭਾਸ਼ਾ ਨੂੰ ਬੋਲਾਂ ਰਾਹੀਂ ਸਮਝ ਸਕਦੇ ਹਨ, ਪਰ ਲਿਪੀ ਦੇ ਰੂਪ ‘ਚ ਨਹੀਂ। ਸਿਰਫ਼ ਦੋਹਾਂ ਲਿਪੀਆਂ ਨੂੰ ਜਾਨਣ ਵਾਲ਼ਾ ਹੀ ਲਿਖਤੀ ਰੂਪ ‘ਚ ਸਮਝ ਸਕਦਾ ਹੈ।
ਅੰਗਰੇਜ਼ੀ ਵਾਂਗ ਹੀ, ਪੰਜਾਬੀ ਦੁਨੀਆਂ ਭਰ ਵਿੱਚ ਫੈਲ ਗਈ ਅਤੇ ਇਸ ਵਾਂਗ ਹੀ ਉੱਥੋਂ ਦੇ ਸਥਾਨਕ ਸ਼ਬਦਾਂ ਨਾਲ ਮਿਲ ਕੇ ਆਪਣਾ ਵਿਕਾਸ ਕੀਤਾ। ਹਾਲਾਂਕਿ ਬਹੁਤ ਸ਼ਬਦ ਹਿੰਦੀ-ਉਰਦੂ ਅਤੇ ਅੰਗਰੇਜ਼ੀ ਤੋਂ ਆਏ ਹਨ, ਪਰ ਪੰਜਾਬੀ ਵਿੱਚ ਸਪੇਨੀ ਭਾਸ਼ਾ ਅਤੇ ਡੱਚ ਭਾਸ਼ਾ ਤੋਂ ਵੀ ਸ਼ਬਦ ਆਏ ਹਨ।
ਭਾਰਤ ਵਿੱਚ 4 ਕਰੋੜ ਲੋਕ ਪੰਜਾਬੀ ਭਾਸ਼ਾ ਨੂੰ ਮਾਤ-ਭਾਸ਼ਾ ਅਤੇ ਪਹਿਲੀ, ਦੂਜੀ ਜਾਂ ਤੀਸਰੀ ਭਾਸ਼ਾ ਵਜੋਂ ਬੋਲਦੇ ਹਨ। ਪੰਜਾਬੀ ਭਾਸ਼ਾ ਭਾਰਤੀ ਰਾਜਾਂ ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਮੁੱਖ ਭਾਸ਼ਾ ਹੈ। ਉੱਤਰੀ ਭਾਰਤ ਵਿੱਚ ਅੰਬਾਲਾ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ, ਜਲੰਧਰ ਅਤੇ ਦਿੱਲੀ ਪ੍ਰਮੁੱਖ ਸ਼ਹਿਰੀ ਖੇਤਰ ਹਨ, ਜਿਥੇ ਪੰਜਾਬੀ ਬੋਲੀ ਜਾਂਦੀ ਹੈ।
ਭਾਰਤ ਦੀ 2021 ਦੀ ਮਰਦਮਸ਼ੁਮਾਰੀ ਵਿੱਚ, 4 ਕਰੋੜ ਨੇ ਆਪਣੀ ਭਾਸ਼ਾ ਪੰਜਾਬੀ ਦੱਸੀ ਹੈ। ਮਰਦਮਸ਼ੁਮਾਰੀ ਪ੍ਰਕਾਸ਼ਨ ਇਸ ਨੂੰ 41 ਮਿਲੀਅਨ ਦੇ ਅੰਕੜੇ ‘ਤੇ ਪਹੁੰਚਣ ਲਈ ਬਾਗੜੀ ਅਤੇ ਭਟੇਲੀ ਵਰਗੀਆਂ ਸੰਬੰਧਿਤ “ਮਾਤ-ਭਾਸ਼ਾਵਾਂ” ਦੇ ਬੋਲਣ ਵਾਲਿਆਂ ਦੇ ਸਮੂਹ ਵਿਚ ਰੱਖਦਾ ਹੈ।
ਵਿਲੱਖਣਤਾ
ਪੰਜਾਬੀ ਦੀ ਇੱਕ ਖ਼ਾਸ ਗੱਲ ਜੋ ਇਸਨੂੰ ਦੂਜੀਆਂ ਇੰਡੋ-ਯੂਰਪੀ ਅਤੇ ਭਾਰਤੀ ਭਾਸ਼ਾਵਾਂ ਤੋਂ ਅੱਡ ਕਰਦੀ ਹੈ, ਉਹ ਹੈ ਇਸ ਦਾ ਸੁਰਾਤਮਕ ਹੋਣਾ। ਪੰਜਾਬੀ ਵਿੱਚ ਪੰਜ ਸੁਰ ਧੁਨੀਆਂ /ਘ/, /ਝ/, /ਢ/, /ਧ/, /ਭ/ ਹਨ। ਇਸ ਤੋਂ ਇਲਾਵਾ /ਹ/ ਧੁਨੀ ਵੀ ਸ਼ਬਦ ਵਿੱਚ ਆਪਣੇ ਸਥਾਨ ਅਨੁਸਾਰ ਸੁਰ ਵਿੱਚ ਬਦਲ ਜਾਂਦੀ ਹੈ। ਸ਼ਬਦਾਂ ਦੀ ਮੁੱਢਲੀ ਸਥਿਤੀ ਵਿੱਚ /ਘ,ਝ,ਢ,ਧ,ਭ/ ਧੁਨੀਆਂ ਨੀਵੀਂ ਸੁਰ ਦਾ ਉੱਚਾਰਣ ਕਰਦੀਆਂ ਹਨ। ਇਸ ਆਦਿ-ਸਥਿਤੀ ਵਿੱਚ /ਕ,ਚ,ਟ,ਤ,ਪ/ ਵਿੱਚ ਰੂਪਾਂਤਰਿਤ ਹੋ ਕੇ, ਨਾਲ਼ ਦੀ ਨਾਲ਼ ਸ੍ਵਰ ੳੱਤੇ ਨੀਵੀਂ ਸੁਰ ਨੂੰ ਪ੍ਰਗਟ ਕਰਦੀਆਂ ਹਨ। ਉਦਾਹਰਣ ਦੇ ਤੌਰ ‘ਤੇ ਜਦੋਂ /ਘ/ ਧੁਨੀ ਸ਼ਬਦ ਦੇ ਸ਼ੁ੍ਰੂ ਵਿੱਚ ਆਉਦੀਂ ਹੈ ਤਾਂ ਇਸ ਦੀ ਅਵਾਜ਼ /ਕ/ ਧੁਨੀ ਦੇ ਨੇੜੇ ਹੁੰਦੀ ਹੈ ਅਤੇ ਇਸ ਨਾਲ ਇੱਕ ਡਿੱਗਦੀ ਸੁਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ‘ਘੋੜਾ’ ਸ਼ਬਦ ਵਿੱਚ /ਕ/ ਧੁਨੀ ਨਾਲ ਇੱਕ ਡਿੱਗਦੀ ਸੁਰ ਹੈ ਜਿਸ ਨਾਲ ਇਹ /ਘ/ ਧੁਨੀ ਬਣਦੀ ਹੈ। ਜੇਕਰ ਅਸੀਂ ਇਸ ਵਿੱਚੋਂ ਇਸ ਦੀ ਡਿੱਗਦੀ ਸੁਰ ਨੂੰ ਹਟਾ ਦਈਏ ਤਾਂ ਇਸ ਦਾ ਉੱਚਾਰ “”ਕੋੜਾ” ਹੋ ਜਾਵੇਗਾ ਅਤੇ ਜੇਕਰ ਅਸੀਂ /ਕ/ ਧੁਨੀ ਦੇ ਬਾਅਦ ਚੜ੍ਹਦੀ ਸੁਰ ਦੀ ਵਰਤੋਂ ਕਰੀਏ ਤਾਂ ਇਸ ਦਾ ਉੱਚਾਰਣ “”ਕੋਹੜਾ”” ਹੋ ਜਾਵੇਗਾ। ਠੀਕ ਇਸੇ ਤਰ੍ਹਾਂ ਬਾਕੀ ਦੀਆਂ ਚਾਰ ਧੁਨੀਆਂ ਨਾਲ ਵੀ ਹੁੰਦਾ ਹੈ। ਸ਼ਬਦ ਦੀ ਅੰਤਲੀ ਸਥਿਤੀ ਵਿੱਚ /ਘ,ਝ,ਢ,ਧ,ਭ/ ਕ੍ਰਮਪੂਰਵਕ /ਗ, ਜ, ਡ, ਬ, ਦ/ ਵਿੱਚ ਤਬਦੀਲ ਹੋ ਕੇ ਨਾਲ ਲੱਗਦੇ ਅਗਲੇ ਸ੍ਵਰ ਉੱਤੇ ਉੱਚੀ ਸ੍ਵਰ ਸਹਿਤ ਉੱਚਾਰੀਆਂ ਜਾਂਦੀਆਂ ਹਨ। ਜਿਵੇਂ- /ਲਾਭ/।
ਇਸ ਤਰ੍ਹਾਂ ਪੰਜਾਬੀ ਭਾਸ਼ਾ ਭਾਰਤ-ਪਾਕ ਉਪ-ਮਹਾਂਦੀਪ ਦੇ ਬਹੁਤ ਵੱਡੇ ਭੂ-ਖੰਡ ਦੀ ਲੋਕ-ਪ੍ਰਵਾਨ ਤੇ ਬਲਵਾਨ ਭਾਸ਼ਾ ਹੈ। ਜਿਹੜੀ ਪੰਜਾਬੀ ਇਸ ਵਿਸ਼ਾਲ | ਪ੍ਰਾਂਤ ਵਿੱਚ ਅੱਜ ਪ੍ਰਚਲਿਤ ਹੈ, ਉਹ ਕੋਈ ਇੱਕ ਹਜ਼ਾਰ ਸਾਲ ਪੁਰਾਣੀ ਹੈ। ਉਸ ਤੋਂ ਪਹਿਲਾਂ ਪ੍ਰਾਚੀਨ ਪੰਜਾਬ ਵਿੱਚ ਵੈਦਿਕ ਸੰਸਕ੍ਰਿਤ, ਉਸ ਤੋਂ ਬਾਅਦ ਪ੍ਰਾਕ੍ਰਿਤ ਭਾਸ਼ਾਵਾਂ ਅਤੇ ਫਿਰ ਅਪਭੰਸ਼ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ। ਇਹਨਾਂ ਪੁਰਾਣੀਆਂ ਭਾਸ਼ਾਵਾਂ ਤੋਂ ਹੀ ਹੌਲੀ-ਹੌਲੀ ਬਦਲ ਕੇ ਦਸਵੀਂ-ਗਿਆਰੁਵੀਂ (ਈਸਵੀ) ਸਦੀ ਵਿੱਚ ਪੰਜਾਬੀ ਭਾਸ਼ਾ ਦਾ ਜਨਮ ਹੋਇਆ। ਪੁਰਾਣੀ ਤੇ ਮੱਧ-ਕਾਲੀ ਪੰਜਾਬੀ ਭਾਸ਼ਾ ਦੀਆਂ ਵੰਨਗੀਆਂ ਸਾਨੂੰ ਗੋਰਖਨਾਥ, ਚਰਪਟ ਨਾਥ, ਅੱਦਰਮਾਣ, ਬਾਬਾ ਫ਼ਰੀਦ, ਸ਼ਾਹ ਹੁਸੈਨ, ਦਮੋਦਰ, ਗੁਰੂ ਨਾਨਕ, ਭਾਈ ਗੁਰਦਾਸ, ਵਾਰਿਸ ਸ਼ਾਹ ਅਤੇ ਬੁੱਲੇ ਸ਼ਾਹ ਆਦਿ ਪੰਜਾਬੀ ਸਾਹਿਤਕਾਰਾਂ ਦੀਆਂ ਕਿਰਤਾਂ ਵਿੱਚ ਮਿਲ ਜਾਂਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਕਾਲ ਤੋਂ ਬਾਅਦ ਹੀ ਆਧੁਨਿਕ ਕਾਲ ਵਿੱਚ ਅਜੋਕੀ ਪੰਜਾਬੀ ਭਾਸ਼ਾ ਦਾ ਸਰੂਪ ਨਿਖਰਿਆ ਹੈ, ਜੋ “ਟਕਸਾਲੀ ਪੰਜਾਬੀ ਵਜੋਂ ਪ੍ਰਵਾਨ ਹੋਇਆ ਹੈ ਅਤੇ ਜੋ ਅੱਜ ਸਾਡੇ ਸੱਭਿਆਚਾਰ, ਸਾਹਿਤ, ਸਿੱਖਿਆ ਅਤੇ ਹੋਰ ਲਿਖਤ-ਪੜ ਦਾ ਮਾਧਿਅਮ ਹੈ।