ਪੰਜਾਬੀ ਤੇ ਦੱਖਣੀ ਭਾਰਤ ਦਾ ਸਿਲਵਰ ਸਕ੍ਰੀਨ !!!

ਭਾਵੇਂ ਦੱਖਣੀ-ਭਾਰਤ ਪੰਜਾਬ ਤੋਂ  ਕਈ ਸੈਂਕੜੇ ਮੀਲਾਂ ਦੂਰ ਸਥਿਤ ਹੈ ਪਰ  ਪੰਜਾਬ ,ਪੰਜਾਬੀਅਤ ਦੇ ਰੰਗ ਦੱਖਣੀ ਭਾਰਤ ਦੀਆਂ  ਹਵਾਵਾਂ ਵਿੱਚ ਕਈ ਵਾਰ ਦਿਖਾਈ ਦੇ ਜਾਂਦੇ  ਹਨ ।ਮੈਨੂੰ ਚੇਤਨ ਭਗਤ ਦੇ ਪ੍ਰਸਿੱਧ ਨਾਵਲ ‘ਟੂ ਸਟੇਟਸ’ ਦਾ ਉਹ ਦ੍ਰਿਸ਼ ਯਾਦ ਆ ਰਿਹਾ ਹੈ ,ਜਿਸ ਵਿੱਚ ਪੰਜਾਬੀ ਲੇਖਕ ਨੂੰ ਬੈਂਕ ਦੀ ਨੌਕਰੀ ਕਰਕੇ ਚੇਨਈ ਜਾਣਾ ਪੈਂਦਾ ਹੈ ਤਾਂ ਉੱਥੇ ਓਪਰੀ ਥਾਂ ਤੇ  ਇੱਕ ਸਰਦਾਰ ਜੀ ਟੈਕਸੀ ਵਾਲ਼ੇ ਉਸਦੀ ਬਹੁਤ ਸਹਾਇਤਾ ਕਰਦੇ ਹਨ , ਖ਼ਾਸ ਕਰਕੇ ਉਹ ਲੇਖਕ ਲਈ ਸਥਾਨਕ ਤਮਿਲ  ਗੁੰਡਿਆਂ ਨਾਲ਼ ਭਿੜ ਜਾਂਦੇ ਹਨ ਤੇ ਸਰਦਾਰ ਜੀ ਤਮਿਲ ਵਿੱਚ ਗੁੰਡਿਆਂ ਨੂੰ ਲਲਕਾਰ ਦੇ ਹਨ ਤਾਂ ਇਹ ਸਭ ਵੇਖ ਅਚਰਜ ਵਿੱਚ ਡੁੱਬਿਆ ਲੇਖਕ  ਨਾਵਲ ਵਿੱਚ  ਲਿਖਦਾ ਹੈ ਕਿ ਮੈਨੂੰ ਇੰਜ ਲੱਗ  ਰਿਹਾ ਸੀ ਜਿਵੇਂ ਮੈਂ ਤਮਿਲ ਵਿੱਚ ਡੱਬ ਕੀਤੀ ਹੋਈ ਪੰਜਾਬੀ ਫ਼ਿਲਮ ਵੇਖ ਰਿਹਾ ਹੋਵਾਂ ਤੇ ਸਰਦਾਰ ਜੀ ਤਮਿਲ ਵਿੱਚ ਸਪੜ-ਸਪੜ ਡਾਇਲੋਗ ਮਾਰ ਰਹੇ ਹੋਣ!

ਖ਼ੈਰ ਕਮਲ ਹਸਨ ਦੀ ਇੱਕ ਰਾਸ਼ਟਰੀ ਅਵਾਰਡ ਜੇਤ੍ਤੁ ਤਮਿਲ  ਫ਼ਿਲਮ  “ਨੰਮਵਰ ‘(1994)) ਦਾ ਇੱਕ ਦ੍ਰਿਸ਼ ਵੀ  ਯਾਦ ਆ ਰਿਹਾ ਹੈ ਜਿਸ ਵਿੱਚ ਕਾਲਜ ਦੇ ਸਾਲਾਨਾ ਉੱਤਸਵ ਮਨਾਇਆ ਜਾ ਰਿਹਾ ਹੈ ਤੇ ਇਸ ਵਿੱਚ  ਕਾਲਜ ਦੇ ਵਿਦਿਆਰਥੀ ਪ੍ਰਸਿਧ ਪੰਜਾਬੀ ਗੀਤ ‘ਬਾਪੂ ਵੇ ਕਲਾ ਮਰੋੜ ਵੇ,ਅੱਡ ਹੁੰਨੀ ਆਂ’ ਤੇ ਨ੍ਰਿਤ ਕਰ ਰਹੇ ਹਨ,ਇਸ ਫ਼ਿਲਮ ਵਿੱਚ ਕਾਲਜ ਪ੍ਰਿੰਸੀਪਲ  ਦੀ ਭੂਮਿਕਾ ਵਿੱਚ ਕਮਲ ਹਸਨ ਕਾਲਜ ਦੇ ਭ੍ਰਸ਼ਟ ਪ੍ਰੋਫੇਸਰਾਂ ,ਵਿਗੜੇ ਅਮੀਰਜ਼ਾਦੇ ਵਿਦਿਆਰਥੀਆਂ ਨੂੰ ਅਪਰਾਧਾਂ ,ਡਰਗਜ਼ ਦੀ ਦਲਦਲ ਵਿਚੋਂ ਕੱਢ ਕੇ  ਸਿੱਧੇ ਰਾਹ ਪਾਉਂਦਾ ਹੈ !

ਇਸੇ ਤਰ੍ਹਾਂ 1998  ਦੀ ਹਿੱਟ  ਮਲਿਆਲਮ  ਕਾਮੇਡੀ ਫ਼ਿਲਮ  ‘ ਪੰਜਾਬੀ ਹਾਊਸ’ ਹੈ , ਜਿਸ ਵਿੱਚ  ਫ਼ਿਲਮ ਦੀ ਨਾਇਕਾ ਪੰਜਾਬੀ  ਸਿੱਖ ਪਰਿਵਾਰ  ਦੀ  ਧੀ ਪੂਜਾ  ਹੁੰਦੀ ਹੈ , ਜੋ ਬੋਲ ਤੇ ਸੁਣ ਨਹੀਂ ਸਕਦੀ ਹੈ ਤੇ  ਖੁਦਖੁਸ਼ੀ  ਦੀ ਅਸਫਲ ਕੋਸ਼ਿਸ਼ ਕਰ ਚੁੱਕੇ ਨਾਇਕ ਨਾਲ਼ ਪ੍ਰੇਮ ਕਰ ਬੈਠਦੀ  ਹੈ , ਪਰ ਇਹ ਨਾਇਕ ਪਹਿਲਾਂ ਤੋਂ ਹੀ ਵਿਆਇਆ ਹੋਇਆ ਸੀ ਤੇ ਕਰਜ਼ਾਊ ਹੋਣ ਕਾਰਨ ਘਰ ਛਡ ਕੇ ਖੁਦਖੁਸ਼ੀ ਦੀ ਰਾਹ ਤੇ ਗਿਆ ਸੀ ਤ੍ਰਿਕੋਣੀ ਪ੍ਰੇਮ ਕਹਾਣੀ ਵਿੱਚ ਪੰਜਾਬੀਆਂ ਨੂੰ ਮਲਿਆਲਮ ਬੋਲਦੇ ਵੇਖਣਾ ਬੜਾ ਦਿਲਚਸਪ ਲੱਗਦਾ ਹੈ । ਮਲਿਆਲਿਮ  ਵਿੱਚ ਹਿੱਟ ਹੋਣ ਮਗਰੋਂ  ਇਸ ਫ਼ਿਲਮ ਨੂੰ ਕੰਨੜ ਤੇ  ਤੇਲਗੂ ਵਿੱਚ ਵੀ ਬਣਾਇਆ ਗਿਆ

ਪ੍ਰਸਿੱਧ ਤਮਿਲ ਅਭਿਨੇਤਾ ਪ੍ਰਕਾਸ਼ ਰਾਜ ਦੀ 2008 ਦੀ ਤਮਿਲ ਫ਼ਿਲਮ ‘ ਅਭਿਯੂਮ ਨਾਨੂਮ ‘ ( ਅਭੀ ਤੇ ਮੈਂ) ਵਿੱਚ ਪੰਜਾਬੀਆ ਦਾ ਬੜਾ ਦਿਲਚਸਪ ਚਿੱਤਰਣ ਹੈ , ਤਮਿਲ ਪਤੀ-ਪਤਨੀ ਨੇ ਬੜੇ ਲਾਡਾਂ ਨਾਲ਼ ਧੀ ਅਭੀ ਨੂੰ ਪਾਲਿਆ ਹੁੰਦਾ ,ਅਭੀ ਪੜ੍ਹਣ ਲਈ ਦਿੱਲੀ ਜਾਂਦੀ ਹੈ ਤਾਂ ਸਰਦਾਰ ਮੁੰਡੇ ਜੋਗਿੰਦਰ ਸਿੰਘ ਨਾਲ਼ ਪਿਆਰ ਕਰ ਬੈਠਦੀ ਹੈ ਤੇ ਅਭੀ ਦੇ ਪਿਤਾ ਪ੍ਰਕਾਸ਼  ਰਾਜ ਇਸ ਕਾਰਣ ਨਾਰਾਜ਼ ਹੋ ਜਾਂਦੇ ਹਨ  ਤੇ ਫ਼ਿਲਮ ਵਿੱਚ ਅਖੀਰ ਤੱਕ   ਪਿਤਾ-ਪੁੱਤਰੀ ਤੇ ਪ੍ਰੇਮ ਦਾ ਸੰਘਰਸ਼ ਚੱਲਦਾ ਹੈ

 ਕਈ ਮਹੀਨੇ ਪਹਿਲਾਂ ਵਿਵਾਦਿਤ  ਹਿੰਦੀ ਫ਼ਿਲਮ ‘ ਐਨੀਮਲ ‘ਚਰਚਾ ਵਿੱਚ  ਰਹੀ ,ਇਸ ਫ਼ਿਲਮ ਨੂੰ ਤੇਲਗੂ ਫ਼ਿਲਮਾਂ ਦੇ ਨਿਰਦੇਸ਼ਕ ਸੰਦੀਪ ਰੈੱਡੀ ਵੰਗਾ ਨੇ ਨਿਰਦੇਸ਼ਿਤ ਕੀਤਾ ਹੈ ,ਕਿਉਂਕਿ ਇਹ ਫ਼ਿਲਮ ਹਿੰਦੀ ਵਿੱਚ ਹੀ ਨਹੀਂ ਸਗੋਂ ਤਮਿਲ ,ਤੇਲਗੂ ਵਿੱਚ ਵੀ ਪੂਰੇ ਦੇਸ਼ ਵਿੱਚ ਰਿਲੀਜ਼  ਕੀਤੀ ਗਈ  ,ਇਸ ਲਈ ਰਵਾਇਤੀ ਪੰਜਾਬੀ ਟੱਪਿਆਂ ਦੀ ਧੁਨ  ‘ ਤਮਿਲ ਵਿੱਚ ‘ ਮੋਚਾਨਗੂੜੇ ‘(ਹਿੰਦੀ ਫ਼ਿਲਮ ਵਿੱਚ ‘ਜਾਨ ਲੜਾ ਦੇਂਗੇ’)  ਬੋਲਾਂ ਨਾਲ਼ ਪੰਜਾਬੀ ਦੀ ਖ਼ੁਸ਼ਬੂ ਫੈਲਾ ਕੇ ਤਮਿਲਾਂ ਦੇ ਦਿਲਾਂ ਨੂੰ ਪ੍ਰਭਾਵਿਤ  ਕੀਤਾ। ਇੱਕ ਹੋਰ ਗੱਲ ਬੜੀ ਖ਼ਾਸ ਇਹ ਹੈ ,ਭਾਵੇਂ ਐਨੀਮਲ ਫ਼ਿਲਮ ਤਮਿਲ,ਤੇਲਗੂ  ਵਿੱਚ ਡੱਬ ਕੀਤੀ ਗਈ , ਪਰੰਤੂ ਫ਼ਿਲਮ ਦਾ ਗੀਤ ‘ ਅਰਜਨ ਵੈਲੀ ‘  ਮੂਲ ਪੰਜਾਬੀ ਭਾਸ਼ਾ ਵਿੱਚ ਹੀ ਰੱਖਿਆ ਗਿਆ ਸੀ , ਸੋ ਇਸ ਖੜਕੇ-ਤੜਕੇ ਵਾਲ਼ੇ ਪੰਜਾਬੀ ਗੀਤ ਨੇ ਦੱਖਣ ਭਾਰਤ ਦੇ ਸਿਨੇਮੇ ਘਰਾਂ ਨੂੰ  ਗੁੰਜਾਇਆ । ਇਸ ਤਰ੍ਹਾਂ ਪੰਜਾਬੀ ਬੋਲੀ,ਕਿਰਦਾਰ ਬਾਲੀਵੁੱਡ ਹੀ ਨਹੀਂ ਅਨੇਕ ਵਾਰ  ਦੱਖਣੀ ਭਾਰਤ ਦੇ ਸਿਲਵਰ ਸਕਰੀਨਾਂ ਤੇ ਉੱਜਲੀ ਲਕ਼ੀਰ ਵਾਂਗੂ ਦਿਸ ਜਾਂਦੀ ਹੈ ਤੇ ਦੱਖਣੀ ਭਾਰਤੀਆਂ ਦਾ ਮੰਨ ਮੋਹ ਲੈਂਦੇ ਹਨ।

ਸ਼ਵਿੰਦਰ ਸਿੰਘ ,ਇਤਿਹਾਸ ਲੈਕਚਰਾਰ ,ਰਾਵਲਾਮੰਡੀ ,ਰਾਜਸਥਾਨ,ਮੋ: 9829800543

Leave a Reply

Your email address will not be published. Required fields are marked *